Tuesday, June 25, 2013

ਪੁਰਾਣੇ ਮਿੱਤਰਾਂ ਨੂੰ ਯਾਦ ਕਰਦਿਆਂ....



ਭਲੇ ਵੇਲਿਆਂ ਚ ਬਣਾਏ ਮਿੱਤਰਾਂ ਚੋਂ ਮੈਨੂੰ ਸਤਿੰਦਰ ਸਿੰਘ, ਬਲਵੰਤ ਗਾਰਗੀ ਅਤੇ ਮੰਜ਼ੂਰ ਕਾਦਿਰ ਦੀ ਸਭ ਤੋਂ ਵੱਧ ਯਾਦ ਆਉਂਦੀ ਹੈ। ਜੇ ਮੈਨੂੰ ਉਨ੍ਹਾਂ ਵਾਂਗ ਸਾਹਿਤਕ ਸ਼ੌਕ ਹੁੰਦੇ ਤਾਂ ਮੈਂ ਉਨ੍ਹਾਂ ਦੀ ਸੰਗਤ ਹੋਰ ਵਧੇਰੇ ਮਾਣਨੀ ਸੀ। ਉਨ੍ਹਾਂ ਤਿੰਨਾਂ ਦੀਆਂ ਬਹੁਤ ਸਾਰੀਆਂ ਗੱਲਾਂ ਇਕ ਦੂਜੇ ਨਾਲ ਮਿਲਦੀਆਂ ਜੁਲਦੀਆਂ ਸਨ। ਸਤਿੰਦਰ ਬੇਢੱਬਾ, ਪਰ ਲੰਮ-ਸਲੰਮਾ ਸਰਦਾਰ ਸੀ।
 ਉਸ ਦਾ ਚਿਹਰਾ ਗੋਲ-ਮਟੋਲ ਅਤੇ ਦਾੜ੍ਹੀ ਵਿਰਲੀ ਸੀ ਤੇ ਉਹ ਬੇਢੱਬੀ ਜਿਹੀ ਪੱਗ ਬੰਨ੍ਹਦਾ ਸੀ। ਉਸ ਕੋਲ ਉਰਦੂ ਸ਼ਾਇਰੀ ਦਾ ਵੱਡਾ ਭੰਡਾਰ ਸੀ ਅਤੇ ਇੰਡੀਆ ਕੌਫੀ ਹਾਊਸ ਵਿੱਚ ਉਸ ਨੂੰ ਸਭ ਤੋਂ ਵੱਧ ਪਸੰਦ ਕੀਤਾ ਜਾਂਦਾ ਸੀ। ਉਸ ਦੇ ਚਾਹੁਣ ਵਾਲਿਆਂ ਵਿੱਚ ਇਕ ਖੂਬਸੂਰਤ ਹਿੰਦੂ ਕੁੜੀ ਰੇਖਾ ਵੀ ਸ਼ਾਮਲ ਸੀ। ਉਸ ਨੇ ਸਤਿੰਦਰ ਨਾਲ ਵਿਆਹ ਕਰਵਾਇਆ ਤੇ ਉਨ੍ਹਾਂ ਦੇ ਘਰ ਦੋ ਪਿਆਰੀਆਂ ਬੱਚੀਆਂ ਪੈਦਾ ਹੋਈਆਂ। ਸਤਿੰਦਰ ਖੁਦ ਨੂੰ ਜੱਟ ਸਿੱਖ ਦੱਸਦਾ ਸੀ, ਪਰ ਅਸਲ ਵਿੱਚ ਉਹ ਖੱਤਰੀ ਧਵਨ ਸੀ। ਇਕ ਦਿਨ ਗੁੱਸੇ ਵਿੱਚ ਆ ਕੇ ਉਸ ਨੇ ਆਪਣੀ ਪਤਨੀ ਦੀ ਮਾਰ ਕੁੱਟ ਕੀਤੀ। ਉਹ ਗੁੱਸੇ Ḕਚ ਆਪਣੀਆਂ ਧੀਆਂ ਸਮੇਤ ਉਸ ਨੂੰ ਛੱਡ ਕੇ ਚਲੀ ਗਈ ਤੇ ਉਸ ਤੋਂ ਤਲਾਕ ਲੈ ਲਿਆ। ਉਹ ਪੂਰੀ ਤਰ੍ਹਾਂ ਟੁੱਟ ਚੁੱਕਾ ਸੀ ਅਤੇ ਉਸ ਨੂੰ ਮੇਰੇ ਘਰ ਵਿੱਚ ਸਕੂਨ ਮਿਲਦਾ ਸੀ। ਉਹ ਪੱਕਾ ਸ਼ਰਾਬੀ ਸੀ ਅਤੇ ਮੇਰੀ ਘਰਵਾਲੀ ਅਕਸਰ ਉਸ ਨੂੰ ਜ਼ਿਆਦਾ ਸ਼ਰਾਬ ਪੀਣ ਤੋਂ ਵਰਜਦੀ ਸੀ। ਮੌਰੀਆ ਸ਼ੈਰਾਟਨ ਵਿੱਚ ਇਕ ਕੌਕਟੇਲ ਪਾਰਟੀ ਮੌਕੇ ਉਸ ਨੇ ਵਿੱਤੋਂ ਵੱਧ ਪੀ ਲਈ। ਅਗਲੀ ਸਵੇਰ ਅਸੀਂ ਆਪਣੇ ਗਰਮੀਆਂ ਦੇ ਟਿਕਾਣੇ ਕਸੌਲੀ ਪੁੱਜਣਾ ਸੀ। ਇਸ ਲਈ ਸਾਨੂੰ ਪਾਰਟੀ ਵਿੱਚੋਂ ਛੇਤੀ ਆਉਣਾ ਪਿਆ। ਅਗਲੇ ਦਿਨ ਖਬਰ ਪੜ੍ਹੀ ਕਿ ਸਤਿੰਦਰ ਦੇ ਨੌਕਰ ਨੇ ਉਸ ਨੂੰ ਬੈਡ ਉਤੇ ਮਰਿਆ ਪਿਆ ਦੇਖਿਆ। ਉਹ ਮੇਰੀ ਧੀ ਮਾਲਾ ਨੂੰ ਇਸ ਬਾਰੇ ਦੱਸਣ ਆਇਆ। ਉਹ ਤੁਰੰਤ ਉਸ ਦੇ ਫਲੈਟ ਵਿੱਚ ਚਲੀ ਗਈ। ਮਾਲਾ ਨੇ ਬੈਡ ਉਤੇ ਸਤਿੰਦਰ ਦੀ ਲਾਸ਼ ਦੇਖੀ। ਉਸ ਦੇ ਬੈਡ ਹੈਠਾਂ ਸ਼ਰਾਬ ਦੀਆਂ ਦਰਜਨਾਂ ਖਾਲੀ ਬੋਤਲਾਂ ਪਈਆਂ ਸਨ। ਮਾਲਾ ਨੇ ਸਤਿੰਦਰ ਦੇ ਸਾਲੇ ਇੰਦਰ ਮਲਹੋਤਰਾ ਨੂੰ ਇਸ ਦੀ ਸੂਚਨਾ ਦਿੱਤੀ। ਉਹ ਬਹੁਤ ਅਣਮੰਨੇ ਮਨ ਨਾਲ ਉਸ ਕੋਲ ਪਹੁੰਚ ਗਿਆ। ਉਹ ਦੋਵੇਂ ਉਸ ਦੇ ਸਸਕਾਰ ਮੌਕੇ ਮੌਜੂਦ ਥੋੜ੍ਹੇ ਜਿਹੇ ਵਿਅਕਤੀਆਂ ਵਿੱਚ ਸ਼ਾਮਲ ਸਨ। ਇਸ ਪਿੱਛੋਂ ਸਤਿੰਦਰ ਦੀ ਧੀ ਨੇ ਮੈਨੂੰ ਇਕ ਘੜੀ ਅਤੇ ਪੈਨ ਮੋੜਿਆ, ਜੋ ਉਸ ਨੇ ਮੇਰੇ ਤੋਂ ਲਿਆ ਸੀ। ਜੇ ਅੱਜ ਉਹ ਇਸ ਦੁਨੀਆ ਵਿੱਚ ਹੁੰਦਾ ਤਾਂ ਮੈਂ ਉਸ ਨਾਲ ਉਰਦੂ ਸ਼ਾਇਰੀ ਪ੍ਰਤੀ ਆਪਣੇ ਉਤਸ਼ਾਹ ਦੀ ਗੱਲ ਸਾਂਝੀ ਕਰ ਸਕਦਾ।
ਬਲਵੰਤ ਗਾਰਗੀ ਨੇ ਪੰਜਾਬੀ ਨਾਟਕਕਾਰ ਵਜੋਂ ਸ਼ੁਹਰਤ ਖੱਟੀ ਸੀ। ਉਸ ਦੇ ਨਾਟਕ ਲੋਹਾ-ਕੁੱਟ ਨੇ ਬੜਾ ਨਾਮਣਾ ਖੱਟਿਆ। ਉਹ ਮੇਰੀ ਮਾਂ ਦਾ ਚਹੇਤਾ ਬਣ ਗਿਆ। ਉਹ ਅਕਸਰ ਮੇਰੀ ਮਾਂ ਨਾਲ ਗੱਲਾਂ ਕਰਦਿਆਂ ਸਵੇਰ ਬਿਤਾਉਂਦਾ ਸੀ। ਵਾਸ਼ਿੰਗਟਨ ਸਟੇਟ ਯੂਨੀਵਰਸਿਟੀ ਵਿੱਚ ਡਰਾਮਾ ਦੇ ਵਿਜ਼ਿਟਿੰਗ ਪ੍ਰੋਫੈਸਰ ਵਜੋਂ ਉਸ ਨੇ ਬਹੁਤ ਖੂਬਸੂਰਤ ਅਮਰੀਕੀ ਕੁੜੀ ਨਾਲ ਵਿਆਹ ਕਰਵਾਇਆ। ਆਪਣੀ ਪੀੜ੍ਹੀ ਦੇ ਅਮਰੀਕੀ ਨਾਗਰਿਕਾਂ ਵਾਂਗ ਉਹ ਵੀ ਖਾਣੇ ਦੀ ਬਹੁਤ ਸ਼ੌਕੀਨ ਸੀ। ਇਕੋ ਵਾਰ Ḕਚ ਤਿੰਨ ਭਾਰਤੀਆਂ ਜਿੰਨਾ ਖਾਣਾ ਉਹ ਇਕੱਲੀ ਖਾਂਦੀ। ਉਸ ਨੇ ਪੰਜਾਬੀ ਸਿੱਖਣ ਅਤੇ ਇਹ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਪੰਜਾਬ ਵਿੱਚ ਉਸ ਦੇ ਪਤੀ ਦਾ ਇੰਨਾ ਸਤਿਕਾਰ ਕਿਉਂ ਕੀਤਾ ਜਾਂਦਾ ਸੀ। ਇਕ ਵਾਰ ਕ੍ਰਿਸਮਿਸ ਦੀ ਰਾਤ ਉਹ ਆਪਣੇ ਬੱਚਿਆਂ ਨੂੰ ਪਿਆਨੋ ਵਜਾਉਣਾ ਸਿਖਾ ਰਹੀ ਸੀ। ਬਲਵੰਤ ਗਾਰਗੀ ਆਪਣੀ ਇਕ ਵਿਦਿਆਰਥਣ ਰਾਣੀ ਬਲਬੀਰ ਨੂੰ ਛੱਡਣ ਗਿਆ। ਗੈਰੇਜ ਵਿੱਚ ਦੋਵੇਂ ਕਾਮ-ਗ੍ਰਸਤ ਹੋ ਗਏ। ਉਸ ਨੇ ਆਪਣੀ ਸਵੈ-ਜੀਵਨੀ ਵਿੱਚ ਵੀ ਇਸ ਬਾਰੇ ਲਿਖਿਆ। ਉਸ ਦੀ ਪਤਨੀ ਨੇ ਉਸ ਨੂੰ ਤਲਾਕ ਦੇ ਦਿੱਤਾ। ਉਸ ਨੇ ਪੁੱਤਰ ਨੂੰ ਬਲਵੰਤ ਕੋਲ ਰਹਿਣ ਦਿੱਤਾ ਅਤੇ ਧੀ ਨੂੰ ਆਪਣੇ ਨਾਲ ਅਮਰੀਕਾ ਲੈ ਗਈ। ਰਾਣੀ ਬਲਬੀਰ ਨੇ ਗਾਰਗੀ ਨੂੰ ਸਬਕ ਸਿਖਾਇਆ। ਉਸ ਨੇ ਦਿੱਲੀ ਵਿੱਚ ਸਿੰਧੀਆ ਹਾਊਸ ਦੇ ਪਿਛਵਾੜੇ ਬਣੀ ਉਸ ਦੀ ਛੋਟੀ ਹਵੇਲੀ ਵਿੱਚ ਪੁੱਜ ਕੇ ਉਸ ਨੂੰ ਕੁਟਾਪਾ ਚਾੜ੍ਹਿਆ। ਬਲਵੰਤ ਨੂੰ ਆਪਣੀ ਮੌਤ ਨੇੜੇ ਜਾਪੀ। ਉਹ ਮੈਨੂੰ ਅਲਵਿਦਾ ਕਹਿਣ ਆਇਆ ਤੇ ਬੰਬਈ ਚਲਿਆ ਗਿਆ। ਉਥੇ ਹੀ ਉਸ ਦਾ ਦੇਹਾਂਤ ਹੋਇਆ। ਉਸ ਦੀ ਇੱਛਾ ਮੁਤਾਬਕ ਸਸਕਾਰ ਲਈ ਉਸ ਦੀ ਮ੍ਰਿਤਕ ਦੇਹ ਦਿੱਲੀ ਲਿਆਂਦੀ ਗਈ। ਉਸ ਮੌਕੇ ਤਕਾਲੀ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਵੀ ਮੌਜੂਦ ਸਨ।
ਮੰਜ਼ੂਰ ਕਾਦਿਰ ਪਾਕਿਸਤਾਨ ਦਾ ਉਘਾ ਵਕੀਲ ਸੀ। ਉਹ ਸ਼ਰ੍ਹਾ ਅਨੁਸਾਰ ਜੀਵਨ ਨਹੀਂ ਬਿਤਾਉਂਦਾ ਸੀ। ਉਹ ਮੇਰਾ ਬਹੁਤ ਨਜ਼ਦੀਕੀ ਮਿੱਤਰ ਸੀ। ਜਦੋਂ ਉਹ ਜਨੇਵਾ ਵਿੱਚ ਸਿੰਧ ਜਲ ਵਿਵਾਦ ਮਾਮਲੇ ਵਿੱਚ ਪਾਕਿਸਤਾਨ ਦੀ ਪੈਰਵੀ ਕਰ ਰਿਹਾ ਸੀ, ਮੈਂ ਪਾਕਿਸਤਾਨੀ ਟੀਮ ਦੇ ਨਾਲ ਬੈਠਾ ਸੀ। ਭਾਰਤ ਦੀ ਪ੍ਰਤੀਨਿਧਤਾ ਨਾਨੀ ਪਾਲਕੀਵਾਲਾ ਨੇ ਕੀਤੀ ਸੀ। ਭਾਰਤੀ ਡੈਲੀਗੇਸ਼ਨ ਮੈਨੂੰ ਪਾਕਿਸਤਾਨੀਆਂ ਨਾਲ ਬੈਠਾ ਵੇਖ ਕੇ ਹੈਰਾਨ ਵੀ ਹੋਇਆ ਤੇ ਖੁਸ਼ ਵੀ। ਮੰਜ਼ੂਰ ਕਾਦਿਰ ਨੂੰ ਉਰਦੂ ਸ਼ਾਇਰੀ ਦਾ ਬੜਾ ਸ਼ੌਕ ਸੀ। ਮੈਨੂੰ ਕਈ ਸਾਲਾਂ ਬਾਅਦ ਗਾਲਿਬ, ਫੈਜ਼ ਅਤੇ ਅਹਿਮਦ ਫਰਾਜ਼ ਦੀ ਸ਼ਾਇਰੀ ਵਿੱਚ ਦਿਲਚਸਪੀ ਪੈਦਾ ਹੋਈ।
ਵੱਡੇ ਮੀਆਂ ਦਾ ਹੁਕਮ
ਵੱਡੇ ਮੀਆਂ ਦੇ ਰਿਕਾਰਡ ਸਾਡੀ ਕਿਸਮਤ ਦਾ ਫੈਸਲਾ ਕਰਦੇ ਹਨ। ਮੈਂ ਜ਼ਿੰਦਗੀ ਤੋਂ ਅੱਕ ਚੁੱਕਿਆ ਸੀ। ਇਸ ਲਈ ਮੈਂ ਉਨ੍ਹਾਂ ਨੂੰ ਚਿੱਠੀ ਲਿਖੀ ਕਿ ਮੈਨੂੰ ਵੀ ਬੁਲਾਵਾ ਭੇਜ ਦੇਣ। ਉਨ੍ਹਾਂ ਨੇ ਆਪਣੇ ਰਜਿਸਟਰ ਫਰੋਲੇ ਅਤੇ ਜੁਆਬ ਦਿੱਤਾ, ‘ਫਿਲਹਾਲ ਨਰਕ ਵਿੱਚ ਸਾਰੇ ਕਮਰੇ ਭਰੇ ਹੋਏ ਹਨ ਅਤੇ ਇਥੇ ਤੇਰੇ ਲਈ ਕੋਈ ਥਾਂ ਨਹੀਂ। ਜਿਉਂ ਹੀ ਥਾਂ ਬਣੇਗੀ, ਮੈਂ ਤੈਨੂੰ ਬੁਲਾ ਲਵਾਂਗਾ। ਉਨੀ ਦੇਰ ਲਟਕਿਆ ਰਹਿ ਅਤੇ ਜੋ ਕੁਝ ਤੂੰ ਕਰ ਰਿਹਾ ਹੈਂ, ਕਰਦਾ ਰਹਿ।’ ਮੈਂ ਬਹੁਤ ਬੁਰੀ ਤਰ੍ਹਾਂ ਨਿਰਾਸ਼ ਹੋਇਆ, ਕਿਉਂਕਿ ਮੈਂ ਜ਼ਿੰਦਗੀ ਤੋਂ ਅੱਕ ਗਿਆ ਸੀ। ਉਦੋਂ ਤੋਂ ਮੈਂ ਉਸ ਦੀ ਇੱਛਾ ਦੇ ਉਲਟ ਕੁਝ ਵੀ ਨਹੀਂ ਕੀਤਾ, ਮੈਂ ਲਟਕਿਆ ਹੋਇਆ ਹਾਂ.
– ਖੁਸ਼ਵੰਤ ਸਿੰਘ

ਸ੍ਰੀਲੰਕਾ ਵਿਚ ਮਰਨਗੇ ਅਵਾਰਾ ਕੁੱਤੇ ਪਰ ਸੋਚੋ ਸਾਨੂੰ ਕੌਣ ਬਚਾਏਗਾ!



-ਇੰਟਨੈੱਟ ਉੱਤੇ ਨਵੀਂਆਂ ਨਵੀਂਆਂ ਖ਼ਬਰਾਂ ਲੱਭਦੇ-ਲੱਭਦੇ ਮੈਂ ਇਕ ਖ਼ਬਰ ਲੱਭੀ ਹੈ ਕਿ ਸ੍ਰੀਲੰਕਾ ਵਿਚ ਹੁਣ ਅਵਾਰਾ ਤੇ ਖੂੰਖਾਰ ਕੁੱਤੇ ਮਾਰ ਦਿੱਤੇ ਜਾਣਗੇ ਕਿਉਂਕਿ ਓਸ ਮੁਲਕ ਨੇ ਕਈ ਸਾਲਾਂ ਤੋਂ ਆਪਣੀ ਜਾਨ ਉੱਤੇ ਖੇਡ ਕੇ ਇਨ੍ਹਾਂ ਕੁੱਤਿਆਂ ਦੀ ਦਹਿਸ਼ਤ ਆਪਣੇ ਪਿੰਡੇ ਉੱਤੇ ਝੱਲੀ ਹੈ। ਪਤਾ ਇਹ ਵੀ ਲੱਗਾ ਹੈ ਕਿ ਓਥੇ ਕੁੱਤਿਆਂ ਦੇ ਗੰਭੀਰ ਮੁੱਦੇ ਉੱਤੇ ਲੋਕ ਇੰਨੇ ਕੁ ਤੰਗ ਤੇ ਦਹਿਸ਼ਤਜ਼ਦਾ ਸਨ ਕਿ ਲੋਕਾਂ ਦੇ ਗੁੱਸੇ ਨੂੰ ਵੇਖਦੇ ਹੋਏ ਸਰਕਾਰ ਨੂੰ ਆਪਣੇ ਵਲੋਂ ਕੀਤਾ ਫੈਸਲਾ ਬਦਲਣਾ ਪਿਆ। ਹਕੀਕਤ ਇਹ ਹੈ ਕਿ ਮੈਂ ਖੁਦ ਨਹੀਂ ਸੀ ਜਾਣਦਾ ਕਿ ਇੰਡੀਆ ਵਾਂਗ ਸ੍ਰੀਲੰਕਾ ਵਿਚ ਵੀ ਅਵਾਰਾ ਤੇ ਖੂੰਖਾਰ ਕੁੱਤੇ ਵੱਧ ਚੁੱਕੇ ਹਨ। ਓਥੇ ਵੀ ਕੁੱਤਿਆਂ ਤੇ ਰੈਬੀਜ਼ ਦੇ ਮਾਮਲਿਆਂ ਵਿਚ ਸਥਿਤੀ, ਭਾਰਤ ਵਰਗੀ ਹੀ ਹੈ। ਜਿਵੇਂ ਭਾਰਤ ਵਿਚ ਪਸ਼ੂ ਪੰਛੀ ਪ੍ਰੇਮੀਆਂ ਨੇ ਕੁੱਤੇ ਮਾਰਨ ਤੇ ਮਰਾਉਣ ਉੱਤੇ ਰੋਕ ਲੁਆ ਦਿੱਤੀ ਹੈ, ਮੈਂ ਸੋਚਦਾਂ ਓਥੇ ਸ੍ਰੀਲੰਕਾ ਵਿਚ ਵੀ ਕਿਸੇ ਜ਼ਿੱਦੀ ਗਰੁੱਪ ਨੇ ਇਹ ਪ੍ਰਾਪਤੀ ਆਪਣੇ ਨਾਂ ਕਰਾ ਲਈ ਹੋਵੇਗੀ। ਖ਼ੈਰ ਹੁਣ ਲੋਕਾਂ ਨੂੰ ਅਵਾਰਾ ਤੇ ਖੂੰਖਾਰ ਕੁੱਤਿਆਂ ਤੋਂ ਛੁਟਕਾਰਾ ਮਿਲਣ ਵਾਲਾ ਹੈ... ਪਰ ਮੈਂ ਸ੍ਰੀਲੰਕਾ ਦੀ ਗੱਲ ਕਰ ਰਿਹਾਂ, ਭਾਰਤ ਦੀ ਨਹੀਂ।
ਏਥੇ ਵੇਖਦਾਂ ਹਾਂ ਕਿ (ਭਾਰਤ ਵਿਚ) ਹਰੇਕ ਪਾਸੇ ਅਵਾਰਾ ਤੇ ਖੂੰਖਾਰ ਕੁੱਤੇ ਹਰਲ ਹਰਲ ਕਰਦੇ ਫਿਰਦੇ ਹਨ। ਰਾਤ ਨੂੰ ਕਦੇ ਬਾਈਕ ਉੱਤੇ ਕਿਸੇ ਸੜਕ ਤੋਂ ਲੰਘਣਾ ਪਵੇ ਤਾਂ ਵੇਖੀਦਾ ਹੈ ਕਿ ਇਕ ਕੁੱਤਾ ਦੌੜਦਾ ਹੈ ਤਾਂ ਸਾਰੇ ਏਧਰ ਓਧਰ ਭੱਜੇ ਫਿਰਦੇ ਕੁੱਤੇ ਬਾਈਕ ਵਾਲੇ ਨਾਲ ਦੌੜਾਂ ਲਾਉਣ ਲੱਗ ਪੈਂਦੇ ਹਨ। ਜਦੋਂ ਇੰਨੇ ਕੁੱਤੇ ਵੇਖ ਕੇ ਘਬਰਾਹਟ ਹੋਣ ਲੱਗ ਪੈਂਦੀ ਹੈ ਤਾਂ ਹਾਦਸਾ ਵਾਪਰਣ ਦਾ ਡਰ ਲੱਗਣ ਲੱਗ ਪੈਂਦਾ ਹੈ। ਪੂਰੇ ਮੁਲਕ ਦੀ ਗੱਲ ਨਾ ਵੀ ਕਰੀਏ ਤਾਂ ਪੰਜਾਬ ਵਿਚ ਕੁੱਤਿਆਂ ਦੀ ਵੱਧਦੀ ਗਿਣਤੀ ਦਾ ਖ਼ਤਰਾ ਲਗਾਤਾਰ ਬਰਕਰਾਰ ਹੈ। 
ਭਾਰਤ ਵਿਚ ਸਿਆਸਤ ਦੇ ਕ੍ਰਿਕਟ ਦਾ ਬੁਖ਼ਾਰ ਸਿਖ਼ਰਾਂ 'ਤੇ ਰਹਿੰਦਾ ਹੈ। ਕ੍ਰਿਕਟ ਦਾ ਤਾਂ ਅਵਾਰਾ ਤੇ ਖੂੰਖਾਰ ਕੁੱਤੇ ਵਧਣ ਵਿਚ ਕੋਈ ਰੋਲ ਨਹੀਂ ਪਰ ਸਿਆਸਤ ਦਾ ਹੋ ਸਕਦਾ ਹੈ। ... ਕਿਉਂਕਿ ਸਾਡੇ ਆਗੂ ਜਦੋਂ ਜੋਤਸ਼ੀਆਂ ਤੋਂ ਮਹੂਰਤ ਕਢਾਉਣ ਜਾਂਦੇ ਹਨ ਤਾਂ ਉਹ ਕਹਿ ਦਿੰਦੇ ਹਨ ਕਿ ਜੀਅ-ਹੱਤਿਆ ਨਹੀਂ ਕਰਨੀ...। ਆਗੂ ਜਦੋਂ ਜਿੱਤਦੇ ਹਨ ਤਾਂ ਉਹ ਖੁਦ ਚਾਹੁੰਦੇ ਹੁੰਦੇ ਹਨ ਕਿ ਜੀਅ-ਹੱਤਿਆ ਤੋਂ ਬਚਿਆ ਜਾਵੇ। ਕਾਹਨੂੰ ਮੰਦਾ ਕਰਮ ਕਰੀਏ! ਵੱਡੇ ਵੱਡੇ ਅਫਸਰ, ਜੋਤਸ਼ੀਆਂ ਤੇ ਪੱਤਰੀ ਵਾਚਣ ਵਾਲਿਆਂ ਦੇ ਮੁਰੀਦ ਹਨ। ਦਿਲੋਂ ਕੋਈ ਨਹੀਂ ਚਾਹੁੰਦਾ ਕਿ ਜੀਅ-ਹੱਤਿਆ ਹੋਵੇ। ਕੁੱਤਿਆਂ ਦੀ ਮੌਤ ਕੁਦਰਤੀ ਹੋਵੇ ਤਾਂ ਕੋਈ ਕੁਝ ਨਹੀਂ ਕਰਦਾ/ਕਹਿੰਦਾ ਪਰ ਜੇ ਮਰਾਉਣ ਦੀ ਗੱਲ ਹੋਵੇ ਤਾਂ ਜੀਵ-ਹੱਤਿਆ ਦਾ ਖਿਆਲ ਮਨ ਕਮਜ਼ੋਰ ਕਰਨ ਲੱਗ ਪੈਂਦਾ ਹੈ। ਇਹ ਮੈਂ ਨਹੀਂ ਕਹਿੰਦਾ ਸਗੋਂ ਵੱਖ ਵੱਖ ਲੋਕਾਂ ਤੇ ਰਾਜਸੀ ਵਰਕਰਾਂ ਨਾਲ ਕੀਤੀ ਗੱਲਬਾਤ ਦਾ ਨਚੋੜ ਹੈ। 
ਮੈਂ ਸਮਝਦਾਂ ਹਾਂ ਕਿ ਕੁੱਤਿਆਂ ਦੀ ਸਮੱਸਿਆ ਇੰਨੀ ਛੋਟੀ ਨਹੀਂ ਹੈ ਕਿ ਅਸੀਂ ਮਜ਼ਾਕ ਮਜ਼ਾਕ ਵਿਚ ਲੈ ਕੇ ਧਿਆਨ ਹੀ ਨਾ ਦਈਏ। ਅਵਾਰਾ ਤੇ ਖੂੰਖਾਰ ਕੁੱਤੇ ਸਾਡੇ ਆਲੇ ਦੁਆਲੇ ਹਰੇਕ ਵੇਲੇ ਘੁੰਮਦੇ ਰਹਿੰਦੇ ਹਨ। ਕਈ ਥਾਂਈਂ ਬੱਚਿਆਂ ਨੂੰ ਸਕੂਲ ਜਾਣ ਸਮੇਂ ਕੁੱਤਿਆਂ ਨੇ ਫੜ ਕੇ ਪਾੜ ਸੁੱਟਿਆ। ਓਦੋਂ ਕੋਈ ਹਿਤੈਸ਼ੀ ਨਹੀਂ ਕਹਿੰਦਾ ਕਿ ਕੁੱਤਿਆਂ ਨੇ ਜੀਵ-ਹੱਤਿਆ ਕਰ ਦਿੱਤੀ ਹੈ, ਹੁਣ ਕੁੱਤਿਆਂ ਦੀ ਹੱਤਿਆ-ਮੁਹਿੰਮ ਚਲਾ ਦਈਏ। ਕੁਝ ਲੋਕ ਕਹਿੰਦੇ ਹਨ ਕਿ ਜ਼ਹਿਰਲੀ ਰੋਟੀ, ਜ਼ਹਿਰ ਗੁੱਝੇ ਪੇੜੇ ਜਾਂ ਹੋਰ ਜ਼ਹਿਰੀ ਚੀਜ਼ ਪਾ ਕੇ ਅਸੀਂ ਕੁੱਤੇ ਮਾਰ ਸਕਦੇ ਹਾਂ। ਬੇਸ਼ੱਕ ਇਵੇਂ ਇਕ-ਦੋ ਜਾਂ ਕੁਝ ਕੁੱਤੇ ਮਾਰੇ ਜਾ ਸਕਦੇ ਹਨ। ਪਰ ਬੇਜ਼ੁਬਾਨ ਕੁੱਤਿਆਂ ਨੂੰ ਜਾਨੋਂ ਮਾਰਨ ਦਾ ਇਹ ਕੋਈ ਵਧੀਆ ਢੰਗ ਨਹੀਂ।


ਅੱਜ ਤੋਂ 15-16 ਸਾਲ ਪਹਿਲਾਂ ਨਗਰ ਕੌਂਸਲਾਂ ਤੇ ਨਗਰ ਨਿਗਮਾਂ ਵਾਲੇ ਬੜੇ ਤਰੀਕੇ ਨਾਲ ਇਕ ਮਿੰਟ ਵਿਚ ਕੁੱਤੇ ਮਾਰ ਦਿੰਦੇ ਸਨ। ਓਹੀ ਤਰੀਕਾ ਅੱਜ ਵੀ ਕਾਰਗਰ ਹੋ ਸਕਦਾ ਹੈ। ਕੁੱਤੇ ਬੇਸ਼ੱਕ ਖੂੰਖਾਰ ਹਨ ਤੇ ਲਾਗ ਵਾਲੀਆਂ ਗੰਦੀਆਂ ਬਿਮਾਰੀਆਂ ਤੋਂ ਪੀੜਤ ਹਨ ਪਰ ਬੇ-ਅਕਲ ਤੇ ਬੇ-ਜ਼ੁਬਾਨ ਹੋਣ ਕਰ ਕੇ ਉਹ ਇਹ ਵੀ ਨਹੀਂ ਜਾਣਦੇ ਕਿ ਉਨ੍ਹਾਂ ਕਰ ਕੇ ਕਿੰਨੀ ਦਹਿਸ਼ਤ ਪੱਸਰੀ ਹੋਈ ਹੈ। ਬੜੇ ਦੁੱਖ ਵਾਲੀ ਗੱਲ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਵੀ ਕਿਸੇ ਸੁਚੇਤ ਰਾਜਸੀ ਧਿਰ ਨੇ ਕੁੱਤਿਆਂ ਦਾ ਮੁੱਦਾ ਨਹੀਂ ਉਭਾਰਿਆ। ਹਾਲਾਂਕਿ ਚਾਹੀਦਾ ਤਾਂ ਇਹ ਸੀ ਕਿ ਅਵਾਰਾ ਤੇ ਖੂੰਖਾਰ ਕੁੱਤੇ ਮਰਵਾਉਣ ਜਾਂ ਕਿਸੇ ਟਿਕਾਣੇ ਬੰਨ੍ਹਣ ਦੇ ਮਸਲੇ ਨੂੰ ਮੈਨੀਫੈਸਟੋ ਵਿਚ ਸ਼ਾਮਲ ਕੀਤਾ ਜਾਂਦਾ। ਕਿਸੇ ਨੇ ਇਹ ਮੁੱਦਾ ਗੌਲਣ ਲਾਇਕ ਨ੍ਹੀਂ ਸਮਝਿਆ। ਹੋ ਸਕਦਾ ਹੈ ਕਿ ਉਹ ਲੋਕ ਜ਼ਿਆਦਾ ਸਿਆਣੇ ਹੋਣਗੇ, ਉਨ੍ਹਾਂ ਨੂੰ ਜਨਤਾ ਦੀ ਇੰਨੀ ਨਿੱਕੀ ਮੁਸੀਬਤ, ਮੁਸੀਬਤ ਲੱਗਦੀ ਹੀ ਨ੍ਹੀਂ ਹੋਣੀ। ਪਰ ਇਹ ਮੁਸੀਬਤ ਨਿੱਕੀ ਮੋਟੀ ਨਹੀਂ ਹੈ। ਜਿਹੜੀ ਖ਼ਬਰ ਹਿੰਦੀ ਬੋਲੀ ਵਿਚ ਆਈ ਹੈ, ਉਹਦੀ ਨਿੱਕੀ ਜਿਹੀ ਕਾਤਰ ਲੇਖ ਵਿਚ ਨਜ਼ਰ ਆ ਰਹੀ ਹੈ। 
ਜਦੋਂ ਕੋਈ ਖੂੰਖਾਰ ਸੜਕਛਾਪ ਅਵਾਰਾ ਕੁੱਤਾ ਕਿਸੇ ਆਮ ਬੰਦੇ ਨੂੰ ਚੱਕ ਵੱਢਦਾ ਹੈ ਤਾਂ ਰੈਬੀਜ਼ ਹੋਣ ਦਾ ਖ਼ਤਰਾ ਪੈਦਾ ਹੋ ਜਾਂਦਾ ਹੈ। ਸਿਵਲ ਹਸਪਤਾਲਾਂ ਵਿਚ ਜਾਓ ਤਾਂ ਓਥੇ ਕੋਈ ਮੁਲਾਜ਼ਮ ਢੰਗ ਨਾਲ ਗੱਲ ਨ੍ਹੀਂ ਕਰਦਾ। ਦਬਕੇ ਵਾਲਾ ਸਿਆਸੀ ਆਗੂ ਜਾਂ ਹੋਰ ਰਸੂਖ ਵਾਲੇ ਬੰਦੇ ਤਾਂ ਦਵਾਈ ਅੰਦਰੋਂ ਕਢਵਾ ਲੈਂਦੇ ਹਨ ਪਰ ਆਮ ਬੰਦਾ ਨਿਰਾਸ਼ ਹੋ ਕੇ ਰਹਿ ਜਾਂਦਾ ਹੈ। ਪ੍ਰਾਈਵੇਟ ਡਾਕਟਰਾਂ ਕੋਲ ਕਈ ਵਾਰ ਢੁਕਵੀਂ ਦਵਾਈ ਨ੍ਹੀਂ ਹੁੰਦੀ। ਇਹ ਬਹੁਤ ਵੱਡੀ ਸਮੱਸਿਆ ਹੈ। 
ਅਵਾਰਾ ਤੇ ਖੂੰਖਾਰ ਕੁੱਤੇ ਫੜਣ ਦੇ ਨਾਂ 'ਤੇ ਚੱਲਦੀ ਫੜ ਲਓ-ਫੜ ਲਓ ਮੁਹਿੰਮ ਵੀ 'ਅਸਰ' ਨਹੀਂ ਦਿਖਾ ਰਹੀ। ਏਧਰੋਂ ਕੱਤੇ ਫੜ ਕੇ ਸਾਡੇ ਨਿਗਮੀ ਮੁਲਾਜ਼ਮ, ਥੋੜ੍ਹੀ ਦੂਰ ਛੱਡ ਆਉਂਦੇ ਹਨ ਤੇ ਉਹ ਕੁੱਤੇ ਪੈੜ ਸੁੰਘ ਸੁੰਘ ਕੇ ਵਾਪਸ ਮਨਪਸੰਦ ਜਗ੍ਹਾ ਉੱਤੇ ਪਹੁੰਚ ਜਾਂਦੇ ਹਨ। ਇਹ ਹੈ ਕੁੱਤੇ ਫੜਣ ਵਾਲੀ ਮੁਹਿੰਮ ਦਾ ਅੱਖੀ ਵੇਖਿਆ ਹਾਲ। 'ਹੱਲ' ਇਕੋ ਇਕ ਹੈ ਤੇ ਓਹ ਹੈ ਕਿ ਅਵਾਰਾ, ਗੰਦੇ ਤੇ ਭਿਆਨਕ ਕੁੱਤੇ ਮਾਰਨ ਨੂੰ ਆਪਾਂ ਜੀਅ-ਹੱਤਿਆ ਵਿਚ ਨਾ ਗਿਣੀਏ। ਸਗੋਂ ਇਹ ਸੋਚੀਏ ਕਿ ਅਵਾਰਾ ਤੇ ਖੂੰਖਾਰ ਕੁੱਤੇ ਜੇ ਮਰਣਗੇ ਤਾਂ ਜੀਵਾਂ ਵਿਚ ਸਭ ਤੋਂ ਉੱਤਮ ਨਸਲ 'ਮਨੁੱਖ' ਬਚ ਜਾਣਗੇ। ਮਨੁੱਖਾਂ ਦੇ ਨਿੱਕੇ ਨਿੱਕੇ ਬੱਚੇ ਗਲੀਆਂ ਵਿਚ ਖੇਡਣ ਤੋਂ ਔਖੇ ਹਨ। ਜਵਾਨ, ਅੱਧਖੜ ਤੇ ਬਜ਼ੁਰਗ ਓਥੋਂ ਲੰਘਣ ਲੱਗੇ ਤ੍ਰਬਕਦੇ ਹਨ, ਜਿੱਥੇ ਚਾਰ ਕੁੱਤੇ ਬੈਠੇ ਹੋਣ। ਅੱਜ ਤਾਂ ਕੁੱਤਿਆਂ ਦੇ ਝੁੰਡਾਂ ਦੇ ਝੁੰਡ ਫਿਰਦੇ ਹਨ ਤੇ ਬਿਨਾਂ ਉਲਾਰ ਹੋ ਕੇ ਇਹ ਕਿਹਾ ਜਾ ਸਕਦਾ ਹੈ ਕਿ 92 ਫ਼ੀਸਦੀ ਕੁੱਤੇ ਗੰਦੇ, ਖੂੰਖਾਰ ਤੇ ਭਿਆਨਕ ਬਿਮਾਰੀਆਂ ਤੋਂ ਪੀੜਤ ਹਨ। ਭੁੱਖੇ, ਗੰਦੇ ਕੁੱਤੇ ਕਿਸੇ ਵੀ ਪੱਖ ਤੋਂ ਬਚਣੇ ਨਹੀਂ ਚਾਹੀਦੇ। ਜਾਂ ਤਾਂ ਇਨ੍ਹਾਂ ਨੁੰ ਫੜ ਕੇ ਇਨ੍ਹਾਂ ਦਾ ਇਲਾਜ ਕੀਤਾ ਜਾਵੇ ਜਾਂ ਕੋਈ ਹੱਲ ਕੱਢਿਆ ਜਾਵੇ, ਹੁਣ ਵਾਲੀ ਸਥਿਤੀ ਤਾਂ ਇਨਸਾਨਾਂ ਲਈ ਖ਼ਤਰਾ ਹੈ। 
ਸੋਚਣ ਵਾਲੀ ਗੱਲ :  ਸ੍ਰੀਲੰਕਾ ਦੀ ਜਨਤਾ ਦੀ ਤਾਂ ਸੁਣੀ ਗਈ ਤਾਂ ਪਰ ਸਾਡੀ ਕੌਣ ਸੁਣੇਗਾ? ਸੱਚ ਹੈ ਕਿ ਜਿਹੜੇ ਤਾਕਤਵਰ ਲੋਕ ਕੁੱਤਿਆਂ ਦੇ ਖ਼ਾਤਮੇ ਨੂੰ ਜੀਅ ਹੱਤਿਆ ਮੰਨਦੇ ਹਨ, ਉਨ੍ਹਾਂ ਤੋਂ ਤਾਂ ਆਸ ਨਹੀਂ! ਦੇਖਦੇ ਆਂ ਕੀ ਬਣਦਾ!
-ਯਾਦਵਿੰਦਰ 
94653 29617